ਇੱਕ ਕਵਿਤਾ ਇਸ਼ਕ ਤੇ
ਅਰਮਾਨ - ਲਿਖਣ ਲੱਗਿਆ ਇੱਕ ਕਵਿਤਾ ਇਸ਼ਕ ਤੇ
ਦੂਰੋਂ ਜੋ ਆਉਂਦੇ ਦਿਸਦੇ ਨੇ ਬੱਦਲ ਇਸ਼ਕੇ ਦੇ ਲਿਸ਼ਕਦੇ
ਤੇ ਫਿਰਦੇ ਨੇ ਸੱਜਣਾਂ ਦੇ ਨਾਮ ਰੁੱਖ - ਪੱਥਰਾਂ ਤੇ ਲਿਖਦੇ
ਪਰ ਲਿਖਦਾ - ਲਿਖਦਾ ਇਕ ਦਮ ਤ੍ਰਿਭਕ ਰੁਕ ਗਿਆ
ਜਦੋਂ ਪਤਾ ਲੱਗਿਆ ਉਹ ਇਸ਼ਕ ਏਸ ਮੋੜ ਤੋਂ ਸ਼ੁਰੂ ਹੋ
ਓਸ ਮੋੜ ਤੀਕਰ ਜਾਂਦਿਆਂ ਜਾਂਦਿਆਂ ਮੁੱਕ ਗਿਆ
ਜਨਮੋਂ ਜਨਮੀਂ ਸਾਥ ਨਿਭਾਉਣ ਦਾ ਪੱਕਾ ਵਾਅਦਾ
ਜਿਸਮਾਨੀ ਭੁੱਖ ਮਿਟਾ ਕੱਚ ਵਾਂਗਰ ਟੁੱਟ ਗਿਆ
ਚੰਦਰੇ ਇਸ਼ਕ ਪਿਆਰ ਦੀ ਨਿਸ਼ਾਨੀ ਕਰ ਜੇਰੇ
ਜਿਉਂਦੇ ਮਾਸੂਮ ਨੂੰ ਰੂੜੀ ਤੇ ਬੇਦਿਲ ਹੋ ਸੁੱਟ ਗਏ
ਫੇਰ ਪਤਾ ਨਾ ਇਸ਼ਕੇ ਦੇ ਬੱਦਲ ਕਿਧਰੇ ਲੁਕ ਗਏ
ਸੁਣ ਮੱਧਮ ਜਿਹੀ ਵਿਲਕ ਪ੍ਰੀਤਮ ਹੋਰੀਂ ਰੁਕ ਗਏ
ਤਕ ਰੂੜੀ ਉੱਤੇ ਮਾਸੂਮ ਨੂੰ ਸਾਹ ਸਭ ਦੇ ਸੁੱਕ ਗਏ
ਕੁਝ ਹਮਦਰਦੀ ਨਾਲ ਤੇ ਤਮਾਸ਼ਾ ਦੇਖਣ ਰੁਕ ਗਏ
ਅਰਮਾਨ ਤਮਾਸ਼ਬੀਨ ਭੀੜ ਵਿਚੋਂ ਉੱਭਰ ਉਹ ਆਇਆ
ਜਿਸ ਓਸ ਮਾਸੂਮ ਜਿੰਦੜੀ ਨੂੰ ਕੀੜਿਆਂ ਤੋਂ ਛੁਡਵਾਇਆ
ਰੋਂਦੇ ਵਿਲਕਦੇ ਹੋਏ ਮਾਸੂਮ ਨੂੰ ਪੁੱਤ ਕਹਿ ਗਲ ਲਾਇਆ
ਉਹ ਮਾਸੂਮ ਨੂੰ ਵਿਰਾਉਂਦਾ ਖੁਦ ਵੀ ਅੱਖਾਂ ਭਰ ਆਈਆਂ
ਤਕ ਦੋਹਾਂ ਦੀ ਵਿਲਕਲਾਹਟ ਉਦਾਸੀ ਮੱਲੀ ਮੁਸਕਰਾਹਟ
ਅਰਮਾਨ ਸਮੇਤ - ਹਰ ਤਮਾਸ਼ਬੀਨ ਅੱਖਾਂ ਭਰ ਆਇਆ
ਫਿਰ ਉਹ ਝੱਲਾ ਲੱਭਦਾ ਰਿਹਾ ਓਹਦੇ ਅਸਲ ਮਾਂ ਬਾਪ ਨੂੰ
ਆਖਿਰ ਉਹ ਵੀ ਥੱਕ ਗਿਆ ਪਰ ਕੋਈ ਨਾ ਥਿਆਇਆ
ਜਦ ਪੁਲਿਸ ਓਸ ਨੂੰ ਆਨਾਥ ਆਸ਼ਰਮ ਭੇਜਣ ਸੀ ਲੱਗੀ
ਓਸ ਤੇ ਉਸਦੀ ਤੀਵੀਂ ਨੇ ਆਪਣਾ ਰੱਬੀ ਰੂਪ ਵਿਖਾਇਆ
ਅੰਤ ਉਨ੍ਹਾਂ ਉਸਦੇ ਮਾਂ ਬਾਪ ਥਾਂ ਆਪਣਾ ਨਾਂ ਲਿਖਾਇਆ
ਮਾਂ ਬਾਪ ਘਰ ਬੰਨੇ ਸ਼ਰੀਹ ਪੁੱਤ ਉਨ੍ਹਾਂ ਘਰ ਜੋ ਆਇਆ
ਅਰਮਾਨ ਪਤਾ ਨਹੀਂਓ ਕਵਿਤਾ ਕਿਸੇ ਪਸੰਦ ਆਵੇ ਜਾਂ ਨਾਂ
ਮੈਂਨੂੰ ਤਾਂ ਉਹਨਾਂ ਦੋਵਾਂ ਵਿਚ ਰੱਬੀ ਇਸ਼ਕ ਨਜ਼ਰ ਆਇਆ
ਜਿਨ੍ਹਾਂ ਇਕ ਲਵਾਰਿਸ ਨੂੰ ਵਾਰਿਸ ਬਣਾ ਗਲ ਏ ਲਾਇਆ
ਉਨ੍ਹਾਂ ਦੀ ਤਸਵੀਰ ਕਿਸੇ ਮਸਜਿਦ ਤੇ ਮੰਦਿਰ ਨਾ ਏ ਲੱਗੀ
ਮੈਂ ਹਜਾਰਾਂ ਮਸਜਿਦਾਂ ਤੇ ਮੰਦਰ ਗੌਹ ਨਾਲ ਗਾਹ ਆਇਆ
ਆਰਮਾਨ ਇਸ਼ਕ ਉਹ ਰੂਹਾਨੀ ਸੀ ਜੋ ਤੈਂ ਨਜ਼ਰ ਆਇਆ
ਅਮਨਦੀਪ ਸਿੰਘ ਰੱਖੜਾ, ਐਡਵੋਕੇਟ
No comments:
Post a Comment